ਸਾਦਿਕ(ਮਿਤੱਲ) :- ਤੇਜ਼ ਬਾਰਿਸ਼ ਤੇ ਗੜੇਮਾਰੀ ਨੇ ਕਿਸਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ। ਪਹਿਲੀਆਂ ਬਾਰਿਸ਼ਾਂ ਨੇ ਜਿੱਥੇ ਕਣਕ ਦੇ ਝਾੜ ‘ਤੇ ਅਸਰ ਪਾਇਆ ਸੀ ਤੇ ਤੂੜੀ, ਸਬਜ਼ੀਆਂ ਤੇ ਹਰੇ ਚਾਰੇ ਦਾ ਨੁਕਸਾਨ ਕੀਤਾ ਸੀ। ਉੱਥੇ ਹੀ ਅੱਜ ਗੜੇਮਾਰੀ ਕਾਰਨ ਮੰਡੀਆਂ ਵਿਚ ਪਈ ਫ਼ਸਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਸਾਦਿਕ ਨੇੜਲੇ ਮੰਡੀ ਜੰਡ ਸਾਹਿਬ ਵਿਖੇ ਤੇਜ਼ ਗੜੇਮਾਰੀ ਤੇ ਮੀਂਹ ਕਾਰਨ ਕਣਕ ਦੀ ਫ਼ਸਲ ਪਾਣੀ ਵਿਚ ਰੁੜ ਗਈ ਤੇ ਢੇਰੀਆਂ ਗੜਿਆਂ ਦੀ ਚਿੱਟੀ ਚਾਦਰ ਵਿਚ ਲਿਪਟੀਆਂ ਨਜ਼ਰ ਆਈਆਂ। ਭਰੀਆਂ ਬੋਰੀਆਂ ‘ਤੇ ਗੜੇ ਹੀ ਗੜੇ ਨਜ਼ਰ ਆਏ। ਸਾਦਿਕ ਵਿਖੇ ਵੀ ਗੜੇ ਪਏ ਤੇ ਕਣਕ ਦੀਆਂ ਢੇਰੀਆਂ ਹੇਠ ਪਾਣੀ ਭਰ ਗਿਆ। ਜੰਡ ਸਾਹਿਬ ਮੰਡੀ ਦੇ ਆੜ੍ਹਤੀ ਹਰਪ੍ਰਰੀਤ ਸਿੰਘ ਸੰਧੂ, ਸਮਸ਼ੇਰ ਸਿੰਘ ਬਰਾੜ ਤੇ ਕੇਵਲ ਸਿੰਘ ਅਹਿਲ ਨੇ ਦੱਸਿਆ ਕਿ ਹੁਣ ਖੇਤਾਂ ਵਿਚ ਫਸਲ ਨਹੀਂ ਹੈ ਤੇ ਸਾਰੀ ਕਟਾਈ ਹੋ ਕੇ ਕਣਕ ਮੰਡੀਆਂ ਵਿਚ ਢੇਰੀ ਹੋ ਗਈ ਹੈ। ਕੱਲ੍ਹ ਦਾ ਮੌਸਮ ਖ਼ਰਾਬ ਹੋਣ ਕਾਰਨ ਖਰੀਦ ਵੀ ਪ੍ਰਭਾਵਿਤ ਹੋ ਰਹੀ ਹੈ। ਅਸੀਂ ਢੇਰੀਆਂ ਸਾਫ ਕਰ ਕੇ ਰੱਖੀਆਂ ਸਨ ਕਿ ਤੋਲ ਲਾਉਣਾ ਹੈ ਪਰ ਕੁਦਰਤੀ ਕਰੋਪੀ ਨਾਲ ਸਾਰਾ ਤਹਿਸ-ਨਹਿਰ ਹੋ ਗਿਆ। ਪਿੰਡੀ ਬਲੋਚਾਂ ਦੇ ਸਰਪੰਚ ਰਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਜਦੋਂ ਪੰਜਾਬ ਵਿਚ ਤੇਜ਼ ਮੀਂਹ ਚੱਲ ਰਹੇ ਸਨ ਤਾਂ ਸਾਡੇ ਪਿੰਡ ਉਸ ਸਮੇਂ ਵੀ ਗੜੇਮਾਰੀ ਨਾਲ ਫ਼ਸਲਾਂ ਦਾ ਕਾਫੀ ਨੁਕਸਾਨ ਹੋਇਆ ਸੀ ਤੇ ਹੁਣ ਕੁਦਰਤ ਦੀ ਦੋਹਰੀ ਮਾਰ ਨੇ ਕਿਸਾਨੀ ਦਾ ਲੱਕ ਤੋੜ ਦਿੱਤਾ ਹੈ। ਰਛਪਾਲ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਦੱਸਿਆ ਕਿ ਕਈ ਪਿੰਡਾਂ ਵਿਚ 30 ਫ਼ੀਸਦੀ ਕਣਕ ਦੀ ਕਟਾਈ ਬਾਕੀ ਹੈ ਤੇ ਖੜ੍ਹੀ ਫ਼ਸਲ ਦਾ ਗੜੇਮਾਰੀ ਨੇ ਦੂਜੀ ਵਾਰ ਨੁਕਸਾਨ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਵੱਲੋਂ ਐਲਾਨਿਆ ਮੁਆਵਜ਼ਾ ਤੁਰੰਤ ਦਿੱਤਾ ਜਾਵੇ
The post ਮੰਡੀ ‘ਚ ਪਈ ਫ਼ਸਲ ‘ਤੇ ਹੋਈ ਗੜੇਮਾਰੀ appeared first on Welcome Punjab News.
source https://welcomepunjab.in/market-ch-pai-crop-te-hoi-gadema/