ਫਰੀਦਕੋਟ (ਮਿਤਲ) : ਅਤਿ ਸੁਰੱਖਿਆ ਵਾਲੀਆਂ ਮੰਨੀਆਂ ਜਾਂਦੀਆਂ ਜੇਲ੍ਹਾਂ ਵਿੱਚੋਂ ਮੋਬਾਈਲ ਫੋਨ ਸਮੇਤ ਇਤਰਾਜ਼ਯੋਗ ਸਮਾਨ ਬਰਾਮਦ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ ਦੇ ਸਹਾਇਕ ਸੁਪਰਡੈਂਟ ਸੰਦੀਪ ਸਿੰਘ ਨੇ ਸਿਟੀ ਥਾਣਾ ਫਰੀਦਕੋਟ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਇਸ ਮੁਤਾਬਕ ਜੇਲ੍ਹ ਗਾਰਦ ਨੇ ਅਚਨਚੇਤ ਤਲਾਸ਼ੀ ਲਈ ਤਾਂ 16 ਮੋਬਾਈਲ ਫੋਨ, 9 ਹੈੱਡਫੋਨ, ਇਕ ਡਾਟਾ ਕੇਬਲ, 8 ਸਿਮ, 10 ਚਾਰਜਰ, 174 ਪੁੜੀਆਂ ਜ਼ਰਦਾ, 8 ਬੰਡਲ ਬੀੜੀਆਂ ਅਤੇ ਹੀਟਰ ਸਪਰਿੰਗ ਲਾਵਾਰਿਸ ਹਾਲਤ ਵਿਚ ਬਰਾਮਦ ਕੀਤੇ ਗਏ। ਜਦੋਂ ਜੇਲ੍ਹ ਪ੍ਰਸ਼ਾਸ਼ਨ ਨੇ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਸਮਾਨ ਜੇਲ੍ਹ ਦੀ ਕੰਧ ਉੱਪਰੋਂ ਸੁੱਟ ਕੇ ਅੰਦਰ ਭੇਜਿਆ ਗਿਆ ਸੀ। ਇਸੇ ਤਰ੍ਹਾਂ ਜੇਲ੍ਹ ਗਾਰਦ ਨੇ ਹਵਾਲਾਤੀ ਲਵਪ੍ਰੀਤ ਸਿੰਘ ਵਾਸੀ ਪਿੰਡ ਘਰਿਆਲਾ ਜ਼ਿਲ੍ਹਾ ਤਰਨਤਾਰਨ ਅਤੇ ਹਵਾਲਾਤੀ ਅਮਰੀਕ ਸਿੰਘ ਵਾਸੀ ਪਿੰਡ ਜੈਮਲਵਾਲਾ, ਮੋਗਾ ਕੋਲੋਂ ਇਕ-ਇਕ ਮੋਬਾਈਲ ਫੋਨ ਬਰਾਮਦ ਕੀਤਾ। ਸਿਟੀ ਥਾਣਾ ਫਰੀਦਕੋਟ ਦੀ ਪੁਲਿਸ ਨੇ ਦੋ ਵੱਖ-ਵੱਖ ਸ਼ਿਕਾਇਤਾਂ ਦੇ ਆਧਾਰ ’ਤੇ ਜੇਲ੍ਹ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਆਰੰਭ ਦਿੱਤੀ ਹੈ।
The post ਫਰੀਦਕੋਟ ਜੇਲ੍ਹ ‘ਚੋਂ 18 ਮੋਬਾਈਲ ਫੋਨ ਤੇ ਹੋਰ ਇਤਰਾਜ਼ਯੋਗ ਸਮਾਨ ਬਰਾਮਦ appeared first on Welcome Punjab News.
source https://welcomepunjab.in/faridkot-jail-from-18-mobile/