ਲੁਧਿਆਣਾ(ਪ੍ਰਦੀਪ ਕੰਗ) : ਰੇਲਵੇ ਸਟੇਸ਼ਨ ਫੋਕਲ ਪੁਆਇੰਟ ਢੰਡਾਰੀ ਨੇੜੇ ਰੇਲਵੇ ਟਰੈਕ ਪਾਰ ਕਰਦੇ ਸਮੇਂ ਟਰੇਨ ਦੀ ਲਪੇਟ ‘ਚ ਆਉਣ ਨਾਲ 3 ਦੋਸਤਾਂ ਦੀ ਦਰਦਨਾਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਤਿੰਨੋਂ ਢੰਡਾਰੀ ਪੁਲ ਨੇੜੇ ਇਕ ਵਰਕਸ਼ਾਪ ਵਿਚ ਟਰੱਕਾਂ ਅਤੇ ਟਰਾਲੀਆਂ ਦੀ ਮੁਰੰਮਤ ਦਾ ਕੰਮ ਕਰਦੇ ਸਨ। ਮ੍ਰਿਤਕ ਤਿੰਨੋਂ ਨੌਜਵਾਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਸਨੀਕ ਹਨ। ਮ੍ਰਿਤਕਾਂ ਦੀ ਪਛਾਣ ਲਵਪ੍ਰੀਤ ਸਿੰਘ ਲਵੀ ਵਾਸੀ ਬੰਗਾ (ਨਵਾਂਸ਼ਹਿਰ), ਸੁਖਮਨ ਸਿੰਘਾ ਵਾਸੀ ਅੰਮ੍ਰਿਤਸਰ ਅਤੇ ਰਵੀ ਕੁਮਾਰ ਵਾਸੀ ਮੁਕੇਰੀਆਂ ਵਜੋਂ ਹੋਈ ਹੈ। ਤਿੰਨੋਂ ਅਣਵਿਆਹੇ ਸਨ। ਤਿੰਨਾਂ ਨੂੰ ਸ਼ੁੱਕਰਵਾਰ ਰਾਤ 10 ਵਜੇ ਦੇਖਿਆ ਗਿਆ। ਤਿੰਨੋਂ ਰਾਤ ਨੂੰ ਕੰਮ ਖਤਮ ਕਰਨ ਤੋਂ ਬਾਅਦ ਖਾਣਾ ਖਾਣ ਚਲੇ ਜਾਂਦੇ ਸਨ ਅਤੇ ਨੇੜੇ ਹੀ ਕਰਾਏ ਦੇ ਕੁਆਰਟਰਾਂ ਵਿੱਚ ਰਹਿੰਦੇ ਸਨ। ਬੀਤੇ ਦਿਨ ਜਦੋਂ ਸਵੇਰੇ ਤਿੰਨੋਂ ਕੰਮ ‘ਤੇ ਨਹੀਂ ਆਏ ਤਾਂ ਵਰਕਸ਼ਾਪ ਦੇ ਮਾਲਕ ਨੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਤਿੰਨੋਂ ਰਾਤ ਨੂੰ ਕਮਰੇ ‘ਚ ਨਹੀਂ ਆਏ। ਮਾਲਕ ਅਤੇ ਆਸ-ਪਾਸ ਦੇ ਦੁਕਾਨਦਾਰਾਂ ਨੇ ਉਸ ਦੀ ਕਾਫੀ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗਾ। ਫਿਰ ਮਾਲਕ ਨੇ ਰਵੀ ਦੇ ਮੋਬਾਈਲ ‘ਤੇ ਕਾਲ ਕੀਤੀ ਤਾਂ ਦੂਜੇ ਪਾਸੇ ਤੋਂ ਫ਼ੋਨ ਚੁੱਕਣ ਵਾਲੇ ਵਿਅਕਤੀ ਨੇ ਕਿਹਾ ਕਿ ਉਸ ਨੂੰ ਫ਼ੋਨ ਢੰਡਾਰੀ ਰੇਲਵੇ ਟਰੈਕ ‘ਤੇ ਪਿਆ ਮਿਲਿਆ ਹੈ, ਆ ਕੇ ਲੈ ਜਾਓ। ਇਸ ਤੋਂ ਬਾਅਦ ਮੋਬਾਇਲ ਸਵਿੱਚ ਆਫ ਆਉਣ ਲੱਗਾ।ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਉਥੇ ਕੋਈ ਨਹੀਂ ਸੀ। ਇਸ ਦੌਰਾਨ ਪਤਾ ਲੱਗਾ ਹੈ ਕਿ ਰੇਲ ਗੱਡੀ ਦੀ ਲਪੇਟ ‘ਚ ਆਉਣ ਨਾਲ ਤਿੰਨ ਨੌਜਵਾਨਾਂ ਦੀ ਲਾਈਨਾਂ ‘ਚ ਮੌਤ ਹੋ ਗਈ ਸੀ ਅਤੇ ਰੇਲਵੇ ਪੁਲਸ ਨੇ ਤਿੰਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮਾਲਕ ਨੇ ਮਾਮਲੇ ਦੀ ਸੂਚਨਾ ਲਵੀ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਜੋ ਲੁਧਿਆਣਾ ਪੁੱਜੇ। ਸੁਖਮਨ ਅਤੇ ਰਵੀ ਦੇ ਰਿਸ਼ਤੇਦਾਰਾਂ ਨੇ ਸਿਵਲ ਹਸਪਤਾਲ ਵਿੱਚ ਮ੍ਰਿਤਕਾਂ ਦੀ ਪਛਾਣ ਕੀਤੀ। ਲਵਪ੍ਰੀਤ ਲਵੀ ਦੇ ਚਾਚਾ ਚਰਨਜੀਤ ਸਿੰਘ, ਭਰਾ ਸੁਖਵਿੰਦਰ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਦਾ ਦਿਹਾਂਤ ਹੋ ਗਿਆ ਹੈ। ਲਵੀ ਦੇ ਚਲੇ ਜਾਣ ਨਾਲ, ਉਹ ਇਕੱਲਾ ਰਹਿ ਗਿਆ ਹੈ।

The post ਰੇਲਵੇ ਟ੍ਰੈਕ ‘ਤੇ ਟੋਟੇ-ਟੋਟੇ ਹੋਈਆਂ 3 ਦੋਸਤਾਂ ਦੀਆਂ ਲਾਸ਼ਾਂ,ਮੱਚਿਆ ਹੜਕੰਪ,ਦੇਖੋ ਤਸਵੀਰ appeared first on Welcome Punjab News.
source https://welcomepunjab.in/railway-track-te-tote-tote-h/