ਦਿੱਲੀ ਗੁਰਦੁਆਰਾ ਕਮੇਟੀ ਨੇ ਤਖਤ ਪਟਨਾ ਸਾਹਿਬ ਵਿਖੇ ਗੁਰ ਮਰਿਆਦਾ ਕਾਇਮ ਰੱਖਣ ਦੀ ਕੀਤੀ ਅਪੀਲ
ਨਵੀਂ ਦਿੱਲੀ(ਵਿੱਕੀ ਸੂਰੀ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਗੁਰ ਮਰਿਆਦਾ ਕਾਇਮ ਰੱਖਣ ਲਈ ਦੋਵਾਂ ਧਿਰਾਂ ਨੂੰ ਅਪੀਲ ਕੀਤੀ ਹੈ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਤਖਤ ਸ੍ਰੀ ਹਰਿਮੰਦਿਰ ਸਾਹਿਬ ਪਟਨਾ ਸਾਹਿਬ ਵਿਖੇ ਗੁਰ ਮਰਿਆਦਾ ਬਹਾਲ ਰੱਖਣਾ ਸਾਡਾ ਸਭ ਦਾ ਫਰਜ਼ ਬਣਦਾ ਹੈ। ਉਹਨਾਂ ਕਿਹਾ ਕਿ ਤਖਤ ਸਾਹਿਬ ’ਤੇ ਗੁਰ ਮਰਿਆਦਾ ਹਰ ਹਾਲਤ ਵਿਚ ਕਾਇਮ ਰਹਿਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਿੱਖਾਂ ਲਈ ਸਭ ਤੋਂ ਉਪਰ ਗੁਰੂ ਦਾ ਹੁਕਮ ਹੈ ਤੇ ਸਾਡੇ ਲਈ ਗੁਰੂ ਸਾਹਿਬ ਦੀ ਹੁਕਮਾਂ ਦੀ ਪਾਲਣਾ ਕਰਨਾ ਤੇ ਗੁਰ ਮਰਿਆਦਾ ਵਿਚ ਰਹਿਣਾ ਤੇ ਗੁਰ ਮਰਿਆਦਾ ਕਾਇਮ ਰੱਖਣਾ ਸਭ ਤੋਂ ਮੁੱਢਲਾ ਫਰਜ਼ ਹੈ।
ਉਹਨਾਂ ਕਿਹਾ ਕਿ ਗੁਰੂ ਘਰ ਵਿਚ ਗੁਰ ਮਰਿਆਦਾ ਦੀ ਪਾਲਣਾ ਕਰਦਿਆਂ ਇਹ ਹਮੇਸ਼ਾ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਿਸੇ ਵੀ ਤਰੀਕੇ ਮਰਿਆਦਾ ਦੀ ਉਲੰਘਣਾ ਨਾ ਹੋਵੇ। ਉਹਨਾਂ ਕਿਹਾ ਕਿ ਬੇਸ਼ੱਕ ਵਿਚਾਰਕ ਮਤਭੇਦ ਹੋ ਸਕਦੇ ਹਨ ਪਰ ਫਿਰ ਵੀ ਉਹ ਸਭ ਨੂੰ ਅਪੀਲ ਕਰਦੇ ਹਨ ਕਿ ਆਪਣੇ ਵਿਚਾਰਕ ਮਤਭੇਦ ਆਪਸ ਵਿਚ ਮਿਲ ਬੈਠ ਕੇ ਦੂਰ ਕੀਤੇ ਜਾਣ। ਗੁਰੂ ਘਰਾਂ ਦੇ ਸਾਹਮਣੇ ਕਿਸੇ ਵੀ ਤਰੀਕੇ ਦੇ ਧਰਨੇ ਪ੍ਰਦਰਸ਼ਨ ਤੋਂ ਗੁਰੇਜ਼ ਕੀਤਾ ਜਾਵੇ ਤੇ ਗੁਰੂ ਘਰਾਂ ਦੇ ਅੰਦਰ ਕਿਸੇ ਵੀ ਤਰੀਕੇ ਦੇ ਟਕਰਾਅ ਤੋਂ ਵੀ ਹਰ ਹੀਲੇ ਗੁਰੇਜ਼ ਕੀਤਾ ਜਾਵੇ। ਉਹਨਾਂ ਕਿਹਾ ਕਿ ਸਭ ਤੋਂ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਤੇ ਗੁਰੂ ਸਾਹਿਬ ਦਾ ਅਦਬ ਤੇ ਸਤਿਕਾਰ ਸਾਡਾ ਸਭ ਦਾ ਫਰਜ਼ ਬਣਦਾ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਸਿਰਫ ਸਿੱਖੀ ਸਿਧਾਂਤਾਂ ਤੇ ਰਵਾਇਤਾਂ ਅਨੁਸਾਰ ਗੁਰਬਾਣੀ ਦਾ ਸ਼ਬਦ ਕੀਰਤਨ ਤੇ ਗੁਰਮਤਿ ਵਿਚਾਰਾਂ ਹੋਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਤਖਤ ਹਰਿਮੰਦਿਰ ਸਾਹਿਬ ਸ੍ਰੀ ਪਟਨਾ ਸਾਹਿਬ ਸਿੱਖ ਧਰਮ ਦਾ ਅਹਿਮ ਤਖਤ ਹੈ ਤੇ ਇਸ ਅਸਥਾਨ ’ਤੇ ਮਰਿਆਦਾ ਦੀ ਪਾਲਣਾ ਕਰਨਾ ਸਭ ਦੀ ਜ਼ਿੰਮੇਵਾਰੀ ਬਣਦੀ ਹੈ।
The post ਗੁਰੂ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਬਰ, ਸੰਤੋਖ ਤੇ ਸੰਜਮ ਨਾਲ ਹਰ ਮਸਲਾ ਹੱਲ ਹੋਵੇ : ਹਰਮੀਤ ਸਿੰਘ ਕਾਲਕਾ appeared first on Welcome Punjab News.
source https://welcomepunjab.in/guru-sahib-de-hukaman-de-pa/