ਇੰਦਰਜੀਤ ਕੌਰ ਤੇ ਅਕ੍ਰਿਤ ਕੌਰ ਥਾਪਰ ਦੇ ਹੱਕ ਵਿਚ ਚੋਣ ਮੀਟਿੰਗਾਂ ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ (ਵੈਲਕਮ ਬਿਉਰੋ) : ਭਾਜਪਾ ਦੇ ਸਿੱਖ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਜੋ ਸਰਕਾਰਾਂ ਪਿਛਲੇ 70 ਸਾਲਾਂ ਵਿਚ ਨਹੀਂ ਕਰ ਸਕੀਆਂ, ਮੋਦੀ ਸਰਕਾਰ ਨੇ ਸਿੱਖਾਂ ਵਾਸਤੇ ਉਹ ਕਰ ਵਿਖਾਇਆਹੈ।
ਇਥੇ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿਚ ਇੰਦਰਜੀਤ ਕੌਰ ਵਾਰਡ ਨੰਬਰ 100 ਫਤਿਹ ਨਗਰ ਅਤੇ ਅਕ੍ਰਿਤ ਕੌਰ ਥਾਪਰ ਵਾਰਡ ਨੰਬਰ 104 ਜਨਕਪੁਰੀ ਸਾਊਣ ਵੈਸਟ ਦੇ ਹੱਕ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸਰਦਾਰ ਸਿਰਸਾ ਨੇ ਕਿਹਾ ਕਿ ਲਾਲ ਕਿਲ੍ਹੇ ਹਰ ਸਾਲ 15 ਅਗਸਤ ਨੂੰ ਤਿਰੰਗਾ ਲਹਿਰਾਇਆ ਜਾਂਦਾਹੈ ਤੇ 70 ਸਾਲਾਂ ਤੋਂ ਲਹਿਰਾਇਆ ਜਾ ਰਿਹਾ ਸੀ ਪਰ ਕਦੇ ਵੀ ਇਸ ਲਾਲ ਕਿਲ੍ਹੇ ’ਤੇ ਕਦੇ ਵੀ ਸਿੱਖਾਂ ਦੇ ਸਮਾਗਮ ਨਹੀਂ ਹੋਏ ਪਰ ਮੋਦੀ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਮਾਗਮ ਉਸੇ ਲਾਲ ਕਿਲ੍ਹੇ ’ਤੇ ਕਰਵਾਇਆ ਜਿਥੇ ਗੁਰੂ ਸਾਹਿਬ ਨੁੰ ਸ਼ਹੀਦ ਕੀਤਾ ਗਿਆ ਸੀ।
ਉਹਨਾਂ ਕਿਹਾ ਕਿ ਨਾ ਸਿਰਫ ਗੁਰੂ ਸਾਹਿਬ ਦੇ ਸਮਾਗਮ ਲਾਲ ਕਿਲ੍ਹੇ ’ਤੇ ਹੋਏ ਬਲਕਿ 70 ਸਾਲਾਂ ਤੋਂ ਸਿੱਖਾਂ ਦੀ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨਾਂ ਦੀ ਇੱਛਾ ਵੀ ਕਰਤਾਰਪੁਰ ਸਾਹਿਬ ਲਾਂਘਾ ਬਣਾਉਣ ਸਦਕਾ ਪੂਰੀ ਹੋਈ ਹੈ। ਉਹਨਾਂ ਕਿਹਾ ਕਿ ਇਸ ਸਦਕਾ ਅੱਜ ਸਾਰੀ ਸਿੱਖ ਕੌਮ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਰਹੀ ਹੈ।
ਸਰਦਾਰ ਸਿਰਸਾ ਨੇ ਕਿਹਾ ਕਿ ਇੰਨਾ ਹੀ ਨਹੀਂ ਬਲਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ 26 ਦਸੰਬਰ ਨੂੰ ਹਰ ਸਾਲ ਸਰਕਾਰ ਵੱਲੋਂ ’ਵੀਰ ਬਾਲ ਦਿਵਸ’ ਮਨਾਉਣ ਦਾ ਐਲਾਨ ਕੀਤਾ ਜਦੋਂ ਕਿ ਹੁਣ ਤੱਕ ਭਾਰਤ ਵਿਚ ਸਿਰਫ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਨੂੰ ਮਨਾਇਆ ਜਾਂਦਾਸੀ ਤੇ ਹੁਣ ਭਾਰਤ ਸਰਕਾਰ 26 ਦਸੰਬਰ ਨੂੰ ’ਵੀਰ ਬਾਲ ਦਿਵਸ’ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵਜੋਂ ਮਨਾਏਗੀ। ਉਹਨਾ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਜਦੋਂ ਭਾਜਪਾ ਪੰਜਾਬ ਦੇ ਇੰਚਾਰਜ ਵਜੋਂ ਸੇਵਾਵਾ ਦਿੰਦੇ ਸਨ ਤਾਂ ਉਹਨਾਂ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ’ਤੇ ਦਰਸ਼ਨਾਂ ਵੇਲੇ ਮਹਿਸੂਸ ਕੀਤਾ ਕਿ ਕਿਵੇਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਅਣਡਿੱਠ ਕੀਤਾ ਗਿਆ ਤੇ ਇਸੇ ਲਈ ਉਹਨਾਂ ਬਾਲ ਵੀਰ ਦਿਵਸ ਮਨਾਉਣ ਦਾ ਐਲਾਨ ਕੀਤਾ।
ਉਹਨਾਂ ਕਿਹਾ ਕਿ ਬੇਸ਼ੱਕ ਮੌਜੂਦਾ ਚੋਣਾਂ ਨਗਰ ਨਿਗਮ ਦਿੱਲੀ ਦੀਆਂ ਚੋਣਾਂ ਹਨ ਪਰ ਇਹ ਦਿੱਲੀ ਵਿਚ ਵੱਡੇ ਬਦਲਾਅ ਦੀਆਂ ਸੂਚਕ ਹਨ। ਜਿਥੇ ਇਹਨਾਂ ਚੋਣਾਂ ਵਿਚ ਭਾਜਪਾ ਦਾ ਪਰਚਮ ਲਹਿਰਾਏਗਾ ਉਥੇ ਹੀ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਆਮ ਆਦਮੀ ਪਾਰਟੀ ਦਾ ਮੁਕੰਮਲ ਸਫਾਇਆ ਹੋਵੇਗਾ ਤੇ ਭਾਜਪਾ ਸਰਕਾਰ ਦਿੱਲੀ ਵਿਚ ਸਥਾਪਿਤ ਹੋਵੇਗੀ।
ਇਸ ਮੌਕੇ ਮੈਂਬਰ ਪਾਰਲੀਮੈਂਟ ਪਰਵੇਸ਼ ਸਾਹਿਬ ਸਿੰਘ ਵਰਮਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
The post ਜੋ ਸਰਕਾਰਾਂ 70 ਸਾਲਾਂ ਵਿਚ ਨਹੀਂ ਕਰ ਸਕੀਆਂ, ਮੋਦੀ ਸਰਕਾਰ ਨੇ ਸਿੱਖਾਂ ਵਾਸਤੇ ਉਹ ਕਰ ਵਿਖਾਇਆ : ਸਿਰਸਾ appeared first on Welcome Punjab News.
source https://welcomepunjab.in/what-governments-not-in-70-years/