ਨਵੀਂ ਦਿੱਲੀ(ਬਿਉਰੋ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।
ਕਮੇਟੀ ਦੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਚ ਗੁਰਮਤਿ ਦੀਵਾਨ ਸਜਾਏ ਗਏ ਜਿਥੇ ਰਾਗੀ ਜੱਥਿਆਂ ਨੇ ਗੁਰੂ ਕੀ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਮੁੱਖ ਸਮਾਗਮ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਹੋਇਆ।

ਇਸ ਸਮਾਗਮ ਨੁੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਅੱਜ ਇਹ ਲਗਾਤਾਰ ਤੀਜਾ ਦਿਨ ਹੈ ਜਦੋਂ ਗੁਰਮਤਿ ਦੀਵਾਨ ਸਜਾਏ ਗਏ ਹਨ। 20 ਤਾਰੀਕ ਨੁੰ ਗੁਰਦੁਆਰਾ ਬੰਗਲਾ ਸਾਹਿਬ ਵਿਚ ਸਰੋਵਰ ਕੰਢੇ ਦੀਵਾਨ ਸਜਾਏ ਗਏ ਸਨ, 21 ਤਾਰੀਕ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਵਿਚ ਦੀਵਾਨ ਸਜਾਏ ਗਏ ਤੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਗੁਰਮਤਿ ਦੀਵਾਨ ਸਜਾਏ ਗਏ ਹਨ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਦਿੱਲੀ ਗੁਰਦੁਆਰਾ ਕਮੇਟੀ ’ਤੇ ਅਪਾਰ ਬਖਸ਼ਿਸ਼ ਤੇ ਉਹਨਾਂ ਨੇ ਤੁੱਠ ਕੇ ਸਾਨੂੰ ਸੰਗਤ ਦੀ ਸੇਵਾ ਬਖਸ਼ੀ ਹੈ। ਉਹਨਾਂ ਦੱਸਿਆ ਕਿ 2 ਸਾਲ ਪਹਿਲਾਂ ਬਾਲਾ ਸਾਹਿਬ ਹਸਪਤਾਲ ਵਿਚ ਮੁਫਤ ਡਾਇਲਸਿਸ ਦੀ ਸੇਵਾ ਆਰੰਭੀ ਗਈ ਸੀ ਤੇ ਹੁਣ ਤੱਕ ਹਜ਼ਾਰਾਂ ਲੋਕ ਇਸ ਸੇਵਾ ਦਾ ਲਾਭ ਲੈ ਚੁੱਕੇ ਹਨ। ਇਸੇ ਤਰੀਕੇ ਚਾਰ ਬਾਲਾ ਪ੍ਰੀਤਮ ਦਵਾਖਾਨੇ ਦਿੱਲੀ ਵਿਚ ਖੋਲੇ ਗਏ ਜਿਹਨਾਂ ਵਿਚ ਮਾਰਕੀਟ ਦੇ ਮੁਕਾਬਲੇ 10 ਤੋਂ 90 ਫੀਸਦੀ ਤੱਕ ਸਸਤੀਆਂ ਦਵਾਈਆਂ ਦਾ ਲਾਭ ਸੰਗਤਾਂ ਨੁੰ ਮਿਲਿਆ ਤੇ ਲੋਕਾਂ ਨੇ ਮਹਿੰਗਾਈ ਦੇ ਜ਼ਮਾਨੇ ਵਿਚ ਸੁੱਖ ਦਾ ਸਾਹ ਲਿਆ। ਉਹਨਾਂ ਦੱਸਿਆ ਕਿ ਜਲਦੀ ਹੀ ਚਾਰ ਹੋਰ ਬਾਲਾ ਪ੍ਰੀਤਮ ਦਵਾਖਾਨੇ ਦਿੱਲੀ ਵਿਚ ਖੋਲੇ ਜਾਣਗੇ।
ਸਰਕਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਇਹ ਵੀ ਕਿਹਾ ਕਿ ਲੰਘੇ ਦਿਨ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿਚ ਚਲ ਰਹੇ ਪੋਲੀਕਲੀਨਿਕ ਵਿਚ ਮੈਮੋਗ੍ਰਾਫੀ ਟੈਸਟ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ ਜਿਥੇ ਬਜ਼ਾਰ ਨਾਲੋਂ ਚੌਥੇ ਹਿੱਸੇ ਦੇ ਰੇਟ ’ਤੇ ਟੈਸਟ ਕੀਤੇ ਜਾਣਗੇ ਜਿਸਦਾ ਸਾਡੀਆਂ ਮਾਵਾਂ ਤੇ ਭੈਣਾਂ ਨੁੰ ਚੋਖਾ ਲਾਭ ਮਿਲੇਗਾ। ਉਹਨਾਂ ਦੱਸਿਆ ਕਿ ਇਥੇ ਚਲ ਰਹੇ ਐਮ ਆਰ ਆਈ ਤੇ ਸੀ ਟੀ ਸਕੈਨ ਦੇ ਟੈਸਟ 50 ਰੁਪਏ ਵਿਚ ਕੀਤੇ ਜਾ ਰਹੇ ਹਨ ਤੇ ਹੁਣ ਤੱਕ 20 ਹਜ਼ਾਰ ਲੋਕ ਇਸਦਾ ਲਾਹਾ ਲੈ ਚੁੱਕੇ ਹਨ।
ਉਹਨਾਂ ਇਹ ਵੀ ਦੱਸਿਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਨਾਂ ’ਤੇ ਜੋ ਸਕੂਲ ਚਲ ਰਹੇ ਹਨ, ਉਹਨਾਂ ਦੇ ਕੇਸ ਹੌਲੀ ਹੌਲੀ ਖਤਮ ਹੋ ਰਹੇ ਹਨ। ਉਹਨਾਂ ਦੱਸਿਆ ਕਿ 4 ਤੋਂ ਮਹੀਨਿਆਂ ਵਿਚ ਅਸੀਂ 16 ਕਰੋੜ ਰੁਪਏ ਸਕੂਲਾਂ ਵਾਸਤੇ ਦਿੱਤੇ ਹਨ ਤਾਂ ਜੋ ਅਧਿਆਪਕਾਂ ਨੁੰ ਬਣਦਾ ਹੱਕ ਮਿਲ ਸਕੇ। ਉਹਨਾਂ ਕਿਹਾ ਕਿ ਇਹ ਦੇਣਦਾਰੀਆਂ ਸਾਡੇ ਤੋਂ ਪਿਛਲੇ ਪ੍ਰਬੰਧਕ ਸਾਡੇ ਸਿਰ ’ਤੇ ਪਾ ਕੇ ਗਏ ਸਨ।
ਇਸ ਮੌਕੇ ਉਹਨਾਂ ਇਹ ਵੀ ਦੱਸਿਆ ਕਿ ਸੀ ਬੀ ਐਸ ਈ ਵੱਲੋਂ ਅੱਜ ਐਲਾਨੇ ਗਏ 12ਵੀਂ ਤੇ 10ਵੀਂ ਦੇ ਨਤੀਜਿਆਂ ਵਿਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦਾ ਸਮੁੱਚਾ ਨਤੀਜਾ 98 ਫੀਸਦੀ ਰਿਹਾ ਹੈ ਜਦੋਂ ਕਿ 4 ਸਕੂਲਾਂ ਦਾ 100 ਫੀਸਦੀ ਤੇ ਤਿੰਨ ਹੋਰ ਸਕੂਲਾਂ ਦਾ 99 ਫੀਸਦੀ ਤੋਂ ਵੱਧ ਨਤੀਜਾ ਆਇਆ ਹੈ। ਉਹਨਾਂ ਕਿਹਾ ਕਿ ਸਮੁੱਚੀਆਂ 12 ਬ੍ਰਾਂਚਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ ਜਿਸ ਲਈ ਐਜੂਕੇਸ਼ਨ ਕਮੇਟੀ ਦੇ ਚੇਅਰਮੈਨ, ਸਕੂਲਾਂ ਦਾ ਸਟਾਫ ਤੇ ਪ੍ਰਬੰਧਕ ਵਧਾਈ ਦੇ ਪਾਤਰ ਹਨ।
ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਜ਼ਿੰਮੇਵਾਰੀ ਤੇ ਤਹਿਤ ਅਸੀਂ ਬੰਦੀ ਸਿੰਘਾਂ ਦੀ ਲੜਾਈ ਅਦਾਲਤਾਂ ਵਿਚ ਤੇ ਸਰਕਾਰ ਏ ਦਰਬਾਰੇ ਵੀ ਲੜ ਰਹੇ ਹਾਂ। ਉਹਨਾਂ ਨੇ ਨਵੇਂ ਬਣੇ ਅਕਾਲੀ ਦਲ ਦੇ ਦਿੱਲੀ ਸਟੇਟ ਦੇ ਚੋਣ ਨਿਸ਼ਾਨ ਟੋਕਰੀ ਨੂੰ ਜਾਰੀ ਕਰਨ ਸਮੇਂ ਰੱਖੇ ਸਮਾਗਮ ਵਿਚ ਮੀਂਹ ਤੇ ਝੱਖੜ ਦੇ ਬਾਵਜੂਦ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ’ਤੇ ਸਮੁੱਚੀ ਸੰਗਤ ਦਾ ਧੰਨਵਾਦ ਵੀ ਕੀਤਾ।
ਇਸ ਸਮਾਗਮ ਵਿਚ ਸੰਤ ਬਾਬਾ ਬਚਨ ਸਿੰਘ ਤੇ ਸਾਰੇ ਸਹਿਯੋਗੀ, ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਐਮ ਪੀ, ਤਰਲੋਚਨ ਸਿੰਘ ਸਾਬਕਾ ਐਮ ਪੀ, ਦਿੱਲੀ ਗੁਰਦੁਆਰਾ ਕਮੇਟੀ ਦੇ ਹੋਰ ਅਹੁਦੇਦਾਰ ਤੇ ਮੈਂਬਰ ਵੀ ਹਾਜ਼ਰ ਸਨ।
The post ਦਿੱਲੀ ਗੁਰਦੁਆਰਾ ਕਮੇਟੀ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ appeared first on Welcome Punjab News.
source https://welcomepunjab.in/delhi-gurdwrara-sahib-kameti/