ਆਦਮਪੁਰ/ਭੋਗਪੁਰ :ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ-ਭੱਤਾ ਵਰਕਰਾਂ ਦੀਆਂ ਮੰਗਾਂ ਨੂੰ ਮੁਕੰਮਲ ਤੌਰ ‘ਤੇ ਅੱਖੋਂ ਪਰੋਖੇ ਕਰਨ ਖਿਲਾਫ ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਹਲਕਾ ਆਦਮਪੁਰ ਦੇ ਵੱਖ ਵੱਖ ਪਿੰਡਾਂ ਅਤੇ ਕਸਬਿਆਂ ਅੰਦਰ ਝੰਡਾ ਮਾਰਚ ਕੀਤਾ ਗਿਆ, ਜੋ ਭਾਰੀ ਗਿਣਤੀ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸੈਂਕੜੇ ਕਾਰਾਂ, ਕੈਂਟਰਾਂ ਅਤੇ ਮੋਟਰਸਾਈਕਲਾਂ ਦੇ ਕਾਫ਼ਲਿਆਂ ਸਮੇਤ ਪਿੰਡ ਅਰਜਨਵਾਲ, ਆਦਮਪੁਰ ਸ਼ਹਿਰ, ਕਡਿਆਣਾ, ਡੀਗਰੀਆਂ, ਖੋਜਕੀਪੁਰ, ਪੰਡੋਰੀ ਨਿੱਝਰਾਂ, ਬਿਨਪਾਲਕਾ ਅਤੇ ਇੱਟਾਂ ਬੱਧੀ ਸਮੇਤ ਦਰਜਨਾਂ ਪਿੰਡਾਂ ‘ਚੋਂ ਹੁੰਦਾ ਹੋਇਆ ਭੋਗਪੁਰ ਕਸਬੇ ਵਿਖੇ ਪਹੁੰਚ ਕੇ ਸਮਾਪਤ ਹੋਇਆ।
ਵੱਖ ਵੱਖ ਪਿੰਡਾਂ ਅਤੇ ਕਸਬਿਆਂ ਅੰਦਰ ਕੀਤੇ ਗਏ ਪੜਾਵਾਂ ਦਰਮਿਆਨ ਆਦਮਪੁਰ ਹਲਕੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਾਂਝੇ ਫਰੰਟ ਦੇ ਕਨਵੀਨਰਾਂ ਸੁਖਦੇਵ ਸਿੰਘ ਸੈਣੀ, ਸਤੀਸ਼ ਰਾਣਾ, ਜਰਮਨਜੀਤ ਸਿੰਘ, ਸੁਰਿੰਦਰਪਾਲ ਸਿੰਘ ਮੋਲੋਵਾਲੀ, ਰਣਜੀਤ ਸਿੰਘ ਰਾਣਵਾਂ, ਬਾਜ ਸਿੰਘ ਖਹਿਰਾ, ਗਗਨਦੀਪ ਬਠਿੰਡਾ, ਕੁਲਵਰਨ ਸਿੰਘ, ਜਸਵੀਰ ਤਲਵਾੜਾ, ਰਾਧੇ ਸ਼ਿਆਮ ਅਤੇ ਗੁਰਮੇਲ ਸਿੰਘ ਮੈਲਡੇ ਅਤੇ ਬੋਬਿੰਦਰ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਮਾਣ-ਭੱਤਾ ਵਰਕਰਾਂ ਉੱਤੇ ਘੱਟੋ-ਘੱਟ ਉਜਰਤਾਂ ਕਾਨੂੰਨ ਲਾਗੂ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਛੇਵੇਂ ਤਨਖਾਹ ਕਮਿਸ਼ਨ ਤਹਿਤ ਪੈਨਸ਼ਨਰਾਂ ਉੱਤੇ 2.59 ਦਾ ਗੁਣਾਂਕ ਨਾਲ ਲਾਗੂ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਪਰਖ ਕਾਲ ਸੰਬੰਧੀ 15-01-2015 ਦਾ ਨੋਟੀਫਿਕੇਸ਼ਨ ਰੱਦ ਕਰਨ, 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ‘ਤੇ ਪੰਜਾਬ ਦੇ ਸਕੇਲ ਲਾਗੂ ਕਰਨ, ਬੰਦ ਕੀਤੇ ਗਏ ਪੇਂਡੂ ਤੇ ਬਾਰਡਰ ਏਰੀਆ ਸਮੇਤ ਸਮੁੱਚੇ 37 ਕਿਸਮ ਦੇ ਭੱਤੇ ‘ਤੇ ਏ.ਸੀ.ਪੀ. ਆਦਿ ਬਹਾਲ ਕਰਨ ਅਤੇ ਰੋਕੇ ਗਏ ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ ਕਰਨ ਤੋਂ ਜਿੱਥੇ ਇਨਕਾਰੀ ਹੈ ਉਥੇ ਹੀ ਮੁੱਖ ਮੰਤਰੀ ਪੰਜਾਬ ਵੱਲੋਂ ਸਾਂਝੇ ਫਰੰਟ ਨੂੰ ਦੋ ਵਾਰੀ ਮੀਟਿੰਗ ਦਾ ਸਮਾਂ ਦੇਣ ਦੇ ਬਾਵਜ਼ੂਦ ਵੀ ਮੀਟਿੰਗ ਨਹੀਂ ਕੀਤੀ ਗਈ। ਜਿਸ ਕਾਰਨ ਸਾਂਝੇ ਫਰੰਟ ਵੱਲੋਂ ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਦੌਰਾਨ ਵੱਖ ਵੱਖ ਹਲਕਿਆਂ ਵਿਖੇ ਝੰਡਾ ਮਾਰਚ ਕਰਕੇ ਸਰਕਾਰ ਦੀ ਪੋਲ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਸੀ। ਜਿਸ ਅਨੁਸਾਰ ਆਦਮਪੁਰ ਹਲਕੇ ਵਿੱਚ ਕੀਤੇ ਗਏ ਪਹਿਲੇ ਝੰਡਾ ਮਾਰਚ ਨੂੰ ਪੰਜਾਬ ਦੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਆਮ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ।
ਇਸ ਮੌਕੇ ਵੱਖ ਵੱਖ ਪੜਾਵਾਂ ‘ਤੇ ਸੰਬੋਧਨ ਕਰਦਿਆਂ ਰਣਬੀਰ ਸਿੰਘ ਉੱਪਲ, ਤੀਰਥ ਸਿੰਘ ਬਾਸੀ, ਹਰਿੰਦਰ ਦੁਸਾਂਝ, ਸੁਖਵਿੰਦਰ ਸਿੰਘ ਚਾਹਲ, ਗੁਰਦੀਪ ਸਿੰਘ ਮੱਲ੍ਹੀ, ਸੁਰਿੰਦਰ ਪੁਆਰੀ, ਧਨਵੰਤ ਸਿੰਘ ਭੱਠਲ, ਐਨ.ਡੀ. ਤਿਵਾੜੀ, ਅਮਰੀਕ ਸਿੰਘ ਕੰਗ, ਪਿਆਰਾ ਸਿੰਘ, ਵਰਿੰਦਰ ਸਿੰਘ ਵਿੱਕੀ, ਅਮਰੀਕ ਸਿੰਘ, ਅਵਤਾਰ ਸਿੰਘ ਗੱਗੜ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਆਦਿ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਨਾ ਤਾਂ ਕਿਸੇ ਵੀ ਕੱਚੇ ਮੁਲਾਜ਼ਮ ਨੂੰ ਪੱਕਾ ਕੀਤਾ ਗਿਆ ਹੈ ਅਤੇ ਨਾ ਹੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਗਈ ਹੈ, ਜਦਕਿ ਹਰ ਰੋਜ਼ ਇਹਨਾਂ ਫੈਸਲਿਆਂ ਦੀ ਇਸ਼ਤਿਹਾਰਬਾਜੀ ‘ਤੇ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ। ਉਹਨਾ ਨੇ ਕਿਹਾ ਕਿ ਜਲ ਸਰੋਤ ਵਿਭਾਗ ਅੰਦਰ ਬੇਲਦਾਰਾਂ ਸਮੇਤ ਦਰਜਾ ਚਾਰ ਦੀਆਂ 10 ਹਜ਼ਾਰ ਤੋਂ ਵਧੇਰੇ ਪੋਸਟਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ। ਆਗੂਆਂ ਨੇ ਆਖਿਆ ਕਿ ਜੇਕਰ ਪੰਜਾਬ ਸਰਕਾਰ ਨੇ ਸਾਂਝੇ ਫਰੰਟ ਦੀਆਂ ਮੰਗਾਂ ਪ੍ਰਤੀ ਕੋਈ ਗੰਭੀਰਤਾ ਨਾ ਦਿਖਾਈ ਤਾਂ 30 ਅਪ੍ਰੈਲ ਨੂੰ ਵਿਧਾਨ ਸਭਾ ਹਲਕਾ ਨਕੋਦਰ ਵਿਖੇ ਦੂਸਰਾ ਵਿਸ਼ਾਲ ਝੰਡਾ ਮਾਰਚ ਕੀਤਾ ਜਾਵੇਗਾ।
ਇਸ ਮੌਕੇ ਮੁਕੇਸ਼ ਗੁਜਰਾਤੀ, ਸੁਭਾਸ਼ ਮੱਟੂ, ਮੱਖਣ ਵਾਹਿਦਪੁਰੀ, ਕੁਲਬੀਰ ਮੋਗਾ, ਸੀਸ਼ਨ ਕੁਮਾਰ, ਹਰਪ੍ਰੀਤ ਸਿੰਘ ਖਟੜਾ, ਬਲਬੀਰ ਸਿੰਘ ਸੈਣੀ, ਰੁਪਿੰਦਰ ਸਿੰਘ, ਠੋਹਰੂ ਰਾਮ, ਪੁਸ਼ਪਿੰਦਰ ਵਿਰਦੀ, ਪ੍ਰਮੋਦ ਗਿੱਲ, ਗੁਰਿੰਦਰ ਸਿੰਘ ਆਦਮਪੁਰ, ਤਰਸੇਮ ਮਾਧੋਪੁਰੀ, ਮਨਦੀਪ ਕੌਰ ਬਿਲਗਾ ਅਤੇ ਜਸਬੀਰ ਸਿੰਘ ਧਾਮ ਆਦਿ ਵੀ ਹਾਜ਼ਰ ਸਨ।
The post 30 ਅਪ੍ਰੈਲ ਨੂੰ ਨਕੋਦਰ ਵਿਖੇ ਦੂਸਰਾ ਝੰਡਾ ਮਾਰਚ ਕਰਨ ਦਾ ਐਲਾਨ appeared first on Welcome Punjab News.
source https://welcomepunjab.in/30-april-at-nakodar-dus/