ਸ੍ਰੀ ਮੁਕਤਸਰ ਸਾਹਿਬ, (ਮਿਤਲ) ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਨੇ ਕੁਝ ਮਹੀਨੇ ਪਹਿਲਾਂ ਆਪਣੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਆਈ.ਏ.ਐਸ. ਨਾਲ ਮੁਲਾਕਾਤ ਕੀਤੀ ਸੀ। ਮੁਲਾਕਾਤ ਦੌਰਾਨ ਸ਼ਹਿਰ ਦੇ ਅੰਬੇਡਕਰ ਪਾਰਕ, ਮਾਤਾ ਭਾਗ ਕੌਰ ਹੈਰੀਟੇਜ ਕੰਪਲੈਕਸ, ਰੈੱਡ ਕਰਾਸ ਹਦੂਦ ਅੰਦਰ ਬਣੇ ਹੋਏ ਯਾਦਗਾਰੀ ਸਤੰਭ ਅਤੇ ਮਲੋਟ ਰੋਡ ਸਥਿਤ ਅੰਬੇਡਕਰ ਚੌਂਕ ਦੀ ਸੇਵਾ ਸੰਭਾਲ ਅਤੇ ਮਾੜੀ ਹਾਲਤ ਬਾਰੇ ਗੱਲਬਾਤ ਕੀਤੀ ਸੀ। ਜਿਕਰਯੋਗ ਹੈ ਕਿ ਉਸ ਵੇਲੇ ਉਕਤ ਸਾਰੇ ਸਥਾਨਾਂ ਦੀ ਹਾਲਤ ਬੇਹੱਦ ਤਰਸਯੋਗ ਸੀ ਅਤੇ ਇਹ ਦੁਰਦਸ਼ਾ ਦਾ ਸ਼ਿਕਾਰ ਸਨ। ਸ਼ਹਿਰ ਨਿਵਾਸੀਆਂ ਵਿਚ ਇਸ ਸਬੰਧੀ ਭਾਰੀ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਸੀ। ਮੁਲਾਕਾਤ ਦੌਰਾਨ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਆਈ.ਏ.ਐੱਸ. ਨੇ ਮਿਸ਼ਨ ਦੀਆਂ ਦਲੀਲਾਂ ਨੂੰ ਗੰਭੀਰਤਾ ਅਤੇ ਹਮਦਰਦੀ ਪੂਰਵਕ ਸੁਣਿਆ। ਮੌਕੇ ’ਤੇ ਹੀ ਕਾਰਵਾਈ ਕਰਦੇ ਹੋਏ ਇਹਨਾਂ ਸਥਾਨਾਂ ਦੀ ਹਾਲਤ ਸੁਧਾਰਨ ਲਈ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਸੀ। ਬਾਅਦ ਵਿੱਚ ਇਸ ਕਮੇਟੀ ਨੇ ਆਪਣੇ ਯਤਨਾਂ ਰਾਹੀਂ ਇਨ੍ਹਾਂ ਸਥਾਨਾਂ ਦੀ ਦੇਖ ਰੇਖ ਅਤੇ ਸੇਵਾ ਸੰਭਾਲ ਦਾ ਜਿੰਮਾ ਦੇਸ਼ ਭਗਤ ਯੂਨੀਵਰਸਿਟੀ ਨੂੰ ਦੇ ਦਿੱਤਾ ਸੀ। ਅੰਬੇਡਕਰ ਪਾਰਕ ਅਤੇ ਮਾਤਾ ਭਾਗ ਕੌਰ ਹੈਰੀਟੇਜ ਕੰਪਲੈਕਸ ਦੀ ਦਿੱਖ ਤਾਂ ਸੰਵਾਰ ਦਿੱਤੀ ਗਈ ਹੈ। ਯਾਦਗਾਰੀ ਸਤੰਭ ਦੀ ਹਾਲਤ ਵੀ ਮਾੜੀ ਮੋਟੀ ਸੁਧਾਰ ਦਿੱਤੀ ਗਈ ਹੈ। ਜਦੋਂ ਕਿ ਮਲੋਟ ਰੋਡ ਸਥਿਤ ਮੇਨ ਬੱਸ ਸਟੈਂਡ ਦੇ ਸਾਹਮਣੇ ਢਹਿ ਢੇਰੀ ਹੋ ਚੁੱਕੇ ਅੰਬੇਡਕਰ ਚੌਂਕ ਦੇ ਪੁਨਰ ਨਿਰਮਾਣ ਬਾਰੇ ਅਜੇ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਮਿਸ਼ਨ ਪ੍ਰਧਾਨ ਸ੍ਰੀ ਢੋਸੀਵਾਲ ਨੇ ਅੰਬੇਡਕਰ ਚੌਂਕ ਪ੍ਰਤੀ ਅਪਣਾਈ ਜਾ ਰਹੀ ਉਦਾਸੀਨਤਾ ਵਾਲੀ ਨੀਤੀ ਦੀ ਅਲੋਚਨਾ ਕਰਦੇ ਹੋਏ ਕਿਹਾ ਹੈ ਕਿ ਇੱਕ ਪਾਸੇ ਤਾਂ ਸਰਕਾਰ ਡਾ. ਅੰਬੇਡਕਰ ਦੀਆਂ ਤਸਵੀਰਾਂ ਦਫਤਰਾਂ ਵਿਚ ਲਗਾ ਰਹੀ ਹੈ ਅਤੇ ਦੂਜੇ ਪਾਸੇ ਅੰਬੇਡਕਰ ਦੇ ਨਾਂ ’ਤੇ ਬਣੇ ਹੋਏ ਚੌਂਕ ਨੂੰ ਮੁੜ ਉਸਾਰਨ ਵਿੱਚ ਕੋਈ ਦਿਲਚਸਪੀ ਨਹੀਂ ਦਿਖਾ ਰਹੀ। ਪ੍ਰਧਾਨ ਢੋਸੀਵਾਲ ਨੇ ਜਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਉਕਤ ਅੰਬੇਡਕਰ ਚੌਂਕ ਦਾ 14 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਮੁੜ ਨਿਰਮਾਣ ਕਰਵਾਇਆ ਜਾਵੇ ਅਤੇ ਇੱਥੇ ਡਿਸਪਲੇ ਬੋਰਡ ਲਗਵਾਏ ਜਾਣ। ਇਸਦੇ ਨਾਲ ਹੀ ਸਥਾਨਕ ਰੈੱਡ ਕਰਾਸ ਦੀ ਹਦੂਦ ਅੰਦਰ ਬਣੇ ਹੋਏ ਯਾਦਗਾਰੀ ਸਤੰਭ ਉਪਰ ਲਿਖੀ ਹੋਈ ਇਬਾਰਤ ਨੂੰ ਵੀ ਸੁਨਹਿਰੀ ਅੱਖਰਾਂ ਵਿਚ ਲਿਖਵਾਇਆ ਜਾਵੇ ਅਤੇ ਇਸ ਦੀ ਦਿੱਖ ਨੂੰ ਸੁੰਦਰ ਬਣਾਇਆ ਜਾਵੇ।
The post 14 ਅਪ੍ਰੈਲ ਤੋਂ ਪਹਿਲਾਂ ਅੰਬੇਡਕਰ ਚੌਂਕ ਦਾ ਪੁਨਰ ਨਿਰਮਾਣ ਕਰਵਾਇਆ ਜਾਵੇ : ਢੋਸੀਵਾਲ appeared first on Welcome Punjab News.
source https://welcomepunjab.in/14-april-before-ambedak/