ਜਲੰਧਰ(ਨਵੀਨ ਪੂਰੀ) : ਵਿਧਾਇਕ ਰਮਨ ਅਰੋੜਾ ਦਾ ਪੀ.ਏ. ਬਣਕੇ ਵਿਧਾਇਕ ਦੇ ਨਾਂ ‘ਤੇ ਫੋਨ ‘ਤੇ ਪੈਸੇ ਮੰਗ ਕੇ ਲੋਕਾਂ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਜਿਵੇਂ ਹੀ ਇਹ ਸਾਰਾ ਮਾਮਲਾ ਹਲਕਾ ਵਿਧਾਇਕ ਰਮਨ ਅਰੋੜਾ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਤੁਰੰਤ ਇਸ ਘਟਨਾ ਦੀ ਸ਼ਿਕਾਇਤ ਪੁਲਸ ਕਮਿਸ਼ਨਰ ਨੂੰ ਕੀਤੀ ਅਤੇ ਮਾਮਲੇ ਦੀ ਤੁਰੰਤ ਜਾਂਚ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਵਿਧਾਇਕ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਕੁਝ ਵਿਅਕਤੀਆਂ ਦਾ ਫੋਨ ਆਇਆ, ਜਿਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਕੋਈ ਤੁਹਾਡਾ ਪੀ.ਏ. ਬਣਕੇ ਸਾਨੂੰ ਫ਼ੋਨ ਕਰ ਰਿਹਾ ਹੈ ਅਤੇ ਫਿਰ ਤੁਹਾਨੂੰ ਫ਼ੋਨ ‘ਤੇ ਗੱਲ ਕਰਨ ਲਈ ਕਹਿੰਦਾ ਹੈ। ਰਮਨ ਅਰੋੜਾ ਨੇ ਦੱਸਿਆ ਕਿ ਜਦੋਂ ਲੋਕਾਂ ਨੇ ਉਕਤ ਵਿਅਕਤੀ ਨਾਲ ਫੋਨ ‘ਤੇ ਗੱਲ ਕੀਤੀ ਤਾਂ ਉਕਤ ਬਦਮਾਸ਼ ਠੱਗ ਨੇ ਫੋਨ ‘ਤੇ ਵੱਖ-ਵੱਖ ਤਰੀਕਿਆਂ ਨਾਲ ਗੱਲ ਕਰਕੇ ਉਨ੍ਹਾਂ ਦੇ ਨਾਂ ‘ਤੇ ਲੋਕਾਂ ਤੋਂ ਪੈਸੇ ਦੀ ਮੰਗ ਕੀਤੀ। ਵਿਧਾਇਕ ਰਮਨ ਅਰੋੜਾ ਨੇ ਸਾਰੀ ਜਾਅਲਸਾਜ਼ੀ ਸਾਹਮਣੇ ਆਉਂਦੇ ਹੀ ਤੁਰੰਤ ਇਸ ਘਟਨਾ ਦੀ ਸ਼ਿਕਾਇਤ ਪੁਲੀਸ ਕਮਿਸ਼ਨਰ ਨੂੰ ਕੀਤੀ। ਵਿਧਾਇਕ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਫਰਜ਼ੀ ਫੋਨ ਕਾਲਾਂ ਤੋਂ ਬਚਣ ਅਤੇ ਅਜਿਹੀਆਂ ਕਾਲਾਂ ਆਉਣ ‘ਤੇ ਤੁਰੰਤ ਪੁਲਸ ਨੂੰ ਸ਼ਿਕਾਇਤ ਕਰਨ। ਦੂਜੇ ਪਾਸੇ ਸੰਪਰਕ ਕਰਨ ’ਤੇ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ‘ਚ ਹੈ ਅਤੇ ਕਮਿਸ਼ਨਰੇਟ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
The post ਜੇਕਰ ਤੁਹਾਨੂੰ ਵੀ MLA ਰਮਨ ਅਰੋੜਾ ਦੇ PA ਦਾ ਆਇਆ ਫੋਨ, ਤਾਂ ਸਾਵਧਾਨ… appeared first on Welcome Punjab News.
source https://welcomepunjab.in/if-you-also-mla-raman-arora/