ਚਾਈਨਾ ਡੋਰ ਨਾਲ ਰਾਹਗੀਰਾਂ ਅਤੇ ਪੰਛੀਆਂ ਦੇ ਜ਼ਖਮੀ ਹੋਣ ਦੇ ਕਈ ਮਾਮਲੇ ਸਾਹਮਣੇ ਆਏ
ਫਗਵਾੜਾ (ਨਰੇਸ਼ ਪਾਸੀ): ਪੁਲਿਸ ਵੱਲੋਂ ਪਤੰਗ ਉਡਾਉਣ ਵਾਲਿਆਂ ਉਪਰ ਹੁਣ ਡਰੋਨ ਨਾਲ ਨਜ਼ਰ ਰੱਖੀ ਜਾਵੇਗੀ। ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲੇ ਬੱਚੇ ਅਤੇ ਉਨਾਂ ਦੇ ਮਾਪਿਆਂ ਖ਼ਿਲਾਫ਼ ਵੀ ਹੁਣ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਐੱਸਪੀ ਫਗਵਾੜਾ ਮੁਖਤਿਆਰ ਰਾਏ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਕੀਤਾ। ਐੱਸਪੀ ਫਗਵਾੜਾ ਨੇ ਦਸਿਆ ਕਿ ਪੰਜਾਬ ਵਿਚ ਪਿਛਲੇ ਕੁਝ ਸਮੇਂ ਤੋਂ ਚਾਈਨਾ ਡੋਰ ਨਾਲ ਰਾਹਗੀਰਾਂ ਅਤੇ ਪੰਛੀਆਂ ਦੇ ਜ਼ਖਮੀ ਹੋਣ ਦੇ ਮਾਮਲੇ ਸਾਹਮਣੇ ਆਏ ਸਨ । ਇਸ ਨੂੰ ਦੇਖਦੇ ਹੋਏ ਹੁਣ ਪ੍ਰਸ਼ਾਸਨ ਵੱਲੋਂ ਇਸ ਮਾਮਲੇ ‘ਚ ਸਖ਼ਤੀ ਕੀਤੀ ਗਈ ਹੈ। ਐੱਸਪੀ ਨੇ ਕਿਹਾ ਕਿ ਜਿਵੇ ਕਿ 26 ਤਰੀਕ ਨੂੰ ਬਸੰਤ ਪੰਚਮੀ ਦਾ ਤਿਉਹਾਰ ਹੈ। ਇਸ ਦਿਨ ਕਾਫੀ ਲੋਕ ਪਤੰਗ ਉਡਾ ਕੇ ਇਸ ਤਿਉਹਾਰ ਨੂੰ ਮਨਾਉਂਦੇ ਹਨ। ਜਿਸ ਵਿਚ ਇਕ ਪਲਾਸਟਿਕ ਦੀ ਡੋਰ ਜਿਸ ਨੂੰ ਚਾਈਨਾ ਡੋਰ ਕਿਹਾ ਜਾਂਦਾ ਹੈ ਇਹ ਡੋਰ ਕਾਫੀ ਪੱਕੀ ਹੁੰਦੀ ਹੈ ਅਤੇ ਇਸ ਡੋਰ ਦੀ ਲਪੇਟ ਚ ਕਾਫੀ ਲੋਕ ਅਤੇ ਬੇਜ਼ੁਬਾਨ ਪੰਛੀ ਆ ਚੁੱਕੇ ਹਨ। ਇਸ ਮਾਮਲੇ ਚ ਹੁਣ ਪ੍ਰਸ਼ਾਸਨ ਵੱਲੋਂ ਸਖ਼ਤੀ ਵਰਤਦਿਆਂ ਬਸੰਤ ਪੰਚਮੀ ਵਾਲੇ ਦਿਨ ਸ਼ਹਿਰ ਦੇ ਵੱਖ ਵੱਖ ਥਾਵਾਂ ਤੇ ਡਰੋਨ ਨਾਲ ਨਜ਼ਰ ਰੱਖੀ ਜਾ ਰਹੀ ਹੈ। ਅਗਰ ਕਿਤੇ ਵੀ ਕੋਈ ਚਾਈਨਾ ਡੋਰ ਨਾਲ ਪਤੰਗ ਉਡਾਉਂਦਾ ਨਜ਼ਰ ਆਇਆ ਤਾਂ ਉਸ ਖ਼ਿਲਾਫ਼ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਐੱਸਪੀ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਅਗਰ ਕੋਈ ਦੁਕਾਨਦਾਰ ਚਾਈਨਾ ਡੋਰ ਵੇਚਦਾ ਦਿਖਾਈ ਦਿੰਦਾ ਹੈ ਤਾਂ ਉਸਦੀ ਸੂਚਨਾ ਫਗਵਾੜਾ ਪੁਲਿਸ ਨੂੰ ਦਿੱਤੀ ਜਾਵੇ।
The post ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲੇ ਰਹਿਣ ਸਾਵਧਾਨ ! ਪ੍ਰਸ਼ਾਸਨ ਵੱਲੋਂ ਡਰੋਨ ਨਾਲ ਰੱਖੀ ਜਾਵੇਗੀ ਨਜ਼ਰ,ਹੋਵੇਗੀ ਕਾਰਵਾਈ appeared first on Welcome Punjab News.
source https://welcomepunjab.in/administration-strict/