ਜਲੰਧਰ,(ਵਿੱਕੀ ਸੂਰੀ)-ਸ ਪਿੰਡਾਂ ਦੀਆਂ ਗਰੀਬ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਕੌਮੀ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਜ਼ਿਲ੍ਹਾ ਜਲੰਧਰ ’ਚ ਸਵੈ ਸਹਾਇਤਾ ਸਮੂਹਾਂ ਨੂੰ 44.70 ਲੱਖ ਰੁਪਏ ਰਿਵਾਲਵਿੰਗ ਫੰਡ ਦੇ ਰੂਪ ਵਿੱਚ ਪ੍ਰਦਾਨ ਕੀਤੇ ਗਏ ਹਨ ਤਾਂ ਜੋ ਇਨ੍ਹਾਂ ਔਰਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੌਮੀ ਦਿਹਾਤੀ ਆਜੀਵਿਕਾ ਮਿਸ਼ਨ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਸਾਂਝਾ ਮਿਸ਼ਨ ਹੈ, ਜੋ ਜ਼ਿਲ੍ਹੇ ਦੇ ਚਾਰ ਬਲਾਕਾਂ ਆਦਮਪੁਰ, ਭੋਗਪੁਰ, ਜਲੰਧਰ ਪੱਛਮੀ ਅਤੇ ਲੋਹੀਆਂ ਖਾਸ ਵਿਖੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬਲਾਕਾਂ ਵਿੱਚ ਮੌਜੂਦਾ ਸਮੇਂ 874 ਸਵੈ ਸਹਾਇਤਾ ਗਰੁੱਪ ਚੱਲ ਰਹੇ ਹਨ, ਜਿਨ੍ਹਾਂ ਵਿੱਚ ਆਦਮਪੁਰ ਵਿਚਲੇ 417, ਭੋਗਪੁਰ ਦੇ 238, ਜਲੰਧਰ ਪੱਛਮੀ ਦੇ 206 ਅਤੇ ਲੋਹੀਆਂ ਖਾਸ ਵਿਚਲੇ 13 ਸਵੈ ਸਹਾਇਤਾ ਸਮੂਹ ਸ਼ਾਮਲ ਹਨ। ਉਨ੍ਹਾਂ ਅੱਗੇ ਦੱਸਿਆ ਕਿ 8600 ਤੋਂ ਵੱਧ ਔਰਤਾਂ ਇਨ੍ਹਾਂ ਸਮੂਹਾਂ ਜ਼ਰੀਏ ਇਸ ਸਕੀਮ ਨਾਲ ਜੁੜੀਆਂ ਹੋਈਆਂ ਹਨ।
ਘਨਸ਼ਿਆਮ ਥੋਰੀ ਨੇ ਅੱਗੇ ਦੱਸਿਆ ਕਿ ਸਵੈ-ਸਹਾਇਤਾ ਸਮੂਹਾਂ ਨੂੰ ਸਮੇਂ-ਸਮੇਂ ’ਤੇ ਬੈਂਕ ਅਤੇ ਸਰਕਾਰ ਵੱਲੋਂ ਆਰਥਿਕ ਮਦਦ ਕੀਤੀ ਜਾਂਦੀ ਹੈ ਤਾਂ ਜੋ ਔਰਤਾਂ ਵੱਲੋਂ ਛੋਟੇ ਛੋਟੇ ਸਵੈ-ਰੋਜ਼ਗਾਰ ਧੰਦੇ ਚਲਾਏ ਜਾ ਸਕਣ। ਇਸ ਤੋਂ ਇਲਾਵਾ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਤਾਲਮੇਲ ਨਾਲ ਅਚਾਰ ਬਣਾਉਣ, ਜੂਟ ਬੈਗ, ਬੂਟੀਕ ਅਤੇ ਫੁੱਟਬਾਲ ਸਿਲਾਈ ਸਮੇਤ ਸਵੈ ਰੋਜ਼ਗਾਰ ਨਾਲ ਸਬੰਧਤ ਵੱਖ-ਵੱਖ ਸਿਖਲਾਈ ਕੋਰਸ ਕਰਵਾਏ ਜਾਂਦੇ ਹਨ ਤਾਂ ਜੋ ਇਹ ਔਰਤਾਂ ਆਪਣੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰਕੇ ਆਪਣੇ ਜੀਵਨ ਪੱਧਰ ਨੂੰ ਉਪਰ ਚੁੱਕ ਸਕਣ।
ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਆਮ ਲੋਕਾਂ ਵਿੱਚ ਇਸ ਸਕੀਮ ਸਬੰਧੀ ਜਾਗਰੂਕਤਾ ਪੈਦਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਵੱਧ ਤੋਂ ਵੱਧ ਯੋਗ ਲਾਭਪਾਤਰੀ ਇਸ ਦਾ ਲਾਭ ਉਠਾ ਸਕਣ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਸਬੰਧਤ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਰਾਬਤਾ ਕੀਤਾ ਜਾ ਸਕਦਾ ਹੈ ਜਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫ਼ਤਰ ਵਿਖੇ 0181-2223559 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
The post ਔਰਤਾਂ ਨੂੰ ਸਵੈ ਸਹਾਇਤਾ ਸਮੂਹਾਂ ‘ਚ ਜੋੜ ਕੇ ਸਵੈ-ਰੋਜ਼ਗਾਰ ਰਾਹੀਂ ਬਣਾਇਆ ਜਾ ਰਿਹੈ ਆਤਮ ਨਿਰਭਰ : ਡਿਪਟੀ ਕਮਿਸ਼ਨਰ appeared first on Welcome Punjab News.
source https://welcomepunjab.in/women-to-self-help-group/